ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ
ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ ‘ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ
ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ
ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ ‘ਚੋਂ ਨਿਕਲੀ ਨ ਗੱਲ ਦੀ ਭਾਫ
ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ
ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ
ਤੂੰ ਵੀ ਕਿਤੇ ਹੈ ਜਾਗਦਾ ਮੇਰੇ ਹੀ ਵਾਂਗਰਾਂ
ਇਕ ਥਲ ਦੇ ਵਾਂਗ ਜਾਗਦਾ ਦੋਹਾਂ ‘ਚ ਇਖਤਿਲਾਫ
ਦੇਖੇ ਤਪਾ ਕੇ ਰੂਹ ‘ਚੋਂ ਮੈਂ ਕਤਰੇ ਕਸ਼ੀਦ ਕੇ
ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ
ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ,
ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸ਼ਰਾਫ
ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ
ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ
ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ
ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ
ਮੈਂ ਕਾਫੀਏ ਦੀ ਭਾਲ ਵਿਚ ਜੰਗਲ ‘ਚ ਆ ਗਿਆ
ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ……
ਸੁਰਜੀਤ ਪਾਤਰ
ਵਿਚੋਂ : ਸੁਰਜ਼ਮੀਨ