ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ਼ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ
ਮੈਨੂੰ ਅੱਜ–ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ
ਹੁਣ ਤਾਂ ਬੜੀ ਬੇਤਾਬੀ ਨਾਲ
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
ਤੇ ਆਖਰੀ ਇਮਤਿਹਾਨ ਵਿਚੋਂ
ਉਹ ਇਸ ਸ਼ਾਨ ਨਾਲ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ
ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਦੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ ।
ਸੁਰਜੀਤ ਪਾਤਰ