ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ
ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ
ਮੈਂ ਤਾਂ ਬਹੁਤ ਸੰਭਾਲਿਆ , ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ , ਗਰਦਿਸ਼ ਦੇ ਜ਼ੋਰ ਤੇ
ਇਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ
ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੋਰ ਤੇ
ਨਚਣਾ ਤਾਂ ਕੀ ਸੀ ਓਸਨੇ,ਦੋ ਪਲ ‘ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ ‘ਤੇ
‘ ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ ‘
ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ ਤੇ
ਤੇਰੇ ਪਰਾਈ ਹੋਣ ਦੀ ਕਿਉਂ ਰਾਤ ਏਨੀ ਚੁਪ
ਉੱਠਾਂ ਤੜਪ ਤੜਪ ਕੇ ਇਕ ਕੰਙਣ ਦੇ ਸ਼ੋਰ ਤੇ
ਸੂਰਜ ਤਲੀ ਤੇ ਰਖ ਕੇ ਮੈਂ ਜਿਥੇ ਉਡੀਕਿਆ
ਤੇਰੀ ਖ਼ਬਰ ਵੀ ਆਈ ਨਾ ਕਦੇ ਓਸ ਮੋੜ ‘ਤੇ
( ਸੁਰਜੀਤ ਪਾਤਰ ਸਾਹਿਬ ਦੀ ਕਿਤਾਬ ” ਹਵਾ ਵਿਚ ਲਿਖੇ ਹਰਫ਼ ਵਿਚੋਂ ” )