ਚਾਨਣ ਜੀ ! ਤੁਸੀਂ ਲੰਘਦੇ ਲੰਘਦੇ ਕੀ ਅੱਖੀਆਂ ਨੂੰ ਕਹਿ ਗਏ ?
ਖਿੱਚ ਖਿੱਚੇ, ਕਰ ਲੰਮੀਆਂ ਬਾਹੀਂ,(ਅਸੀਂ)ਫੜਦੇ ਫੜਦੇ ਰਹਿ ਗਏ ।
ਭਜ ਭਜ ਮੋਏ(ਤੁਸੀਂ)ਹੱਥ ਨਾ ਆਏ(ਅਸੀਂ)ਘੁੱਟ ਕਲੇਜਾ ਬਹਿ ਗਏ ।
ਹਾੜੇ ਸਾਡੇ ਖੁੰਝ ਜ਼ਬਾਨੋਂ, ਅੱਖੀਆਂ ਥਾਣੀਂ ਵਹਿ ਗਏ ।
ਅਸੀਂ ਵਧੇ, ਤੁਸੀਂ ਉਹਲੇ ਹੋ ਗਏ ਦੇ ਕੇ ਪੀਂਘ ਹੁਲਾਰਾ ।
ਨੂਰਾਨੀ ਝਲਕਾਰੇ ਦਾ, ਉਹ, ਭੁਲਦਾ ਨਹੀਂ ਨਜ਼ਾਰਾ ।
ਸ਼ਮਸੀ ਰਿਸ਼ਮਾਂ ਥੀਂ ਚੁੰਧਿਆ ਕੇ, ਅੱਖਾਂ ਭੀੜੇ ਬੂਹੇ,
ਬਿਜਲੀ-ਕੂੰਦ ਧਸੀ ਰਗ ਰਗ ਵਿਚ ਥਰਕਿਆ ਜੁੱਸਾ ਸਾਰਾ ।
ਗੂੰਜ ਉਠੀ, ਸਿਰ ਝੁਮਣ ਲੱਗਾ, ਅਕਲ ਹੋਈ ਦੀਵਾਨੀਂ,
ਪ੍ਰੇਮ-ਸਰੂਰ ਜਿਹਾ ਇਕ ਆ ਕੇ, ਸੁਰਤ ਚੜ੍ਹੀ ਅਸਮਾਨੀਂ ।
ਸੁਪਨਾ ਸੀ, ਜਾਂ ਸਾਪਰਤਖ ਸੀ ? ਇਹ ਭੀ ਥਹੁ ਨਾ ਲੱਗੇ,
ਅੱਖਾਂ ਵਿਚ, ਹਾਂ, ਭਾਹ ਗੁਲਾਬੀ, ਰਹਿ ਗਈ ਟਿਕੀ ਨਿਸ਼ਾਨੀ ।