ਹੇ ਸੁੰਦਰਤਾ ! ਹੇ ਜੋਤੀ ! ਹੇ ਸ਼ਾਂਤ ਬਹਿਰ ਦੇ ਮੋਤੀ !
ਹੇ ਲਟ ਪਟ ਕਰਦੇ ਤਾਰੇ ! ਹੇ ਬਿਜ਼ਲੀ ਦੇ ਲਿਸ਼ਕਾਰੇ !
ਹੇ ਗਰਮੀ ਪ੍ਰੇਮ-ਅਗਨ ਦੀ ! ਉਚਿਆਈ ਧਰਮ ਗਗਨ ਦੀ !
ਆ ਜਾ ! ਮੇਰੇ ਵਿਚ ਆ ਜਾ ! ਵਿਸਮਾਦ ਨਗਰ ਦੇ ਰਾਜਾ !
ਲੂੰ ਲੂੰ ਵਿਚ ਵਸ ਜਾ ਮੇਰੇ, ਹਿਰਦੇ ਵਿਚ ਲਾ ਦੇ ਡੇਰੇ !
ਕਰ ਬਾਹਾਂ ਅੰਕ ਸਮਾ ਲੈ, ਸਾਗਰ ਵਿਚ ਬੂੰਦ ਰਲਾ ਲੈ ।
ਮੈਂ ਤੂੰ ਹੋਵਾਂ ਤੂੰ ਮੈਂ ਹੋ, ਮੈਂ ਲਹਿਰ ਬਣਾਂ, ਤੂੰ ਨੈਂ ਹੋ,
ਨਾ ਕੋਈ ਭੇਦ ਪਛਾਣੇ, ਮੈਂ ਤੂੰ ਨਾ ਦੋ ਕਰ ਜਾਣੇ ।
ਇਕ ਰੰਗੇ ਤੇ ਇਕ ਰਸੀਏ, ਆ ਘੁਲ ਮਿਲ ਕੇ ਹੁਣ ਵਸੀਏ ।
ਤੂੰ ਹਰ ਘਟੀਆ, ਹਰ ਜਾਈ, ਮੈਂ ਤੋਂ ਭੀ ਦੂਰ ਨ ਕਾਈ ;
ਪਰ ਬੰਦ ਜਦੋਂ ਤਕ ਦੀਦੇ, ਮਿਟਦੇ ਨਹਿੰ ਸਹਿੰਸੇ ਜੀ ਦੇ ।
ਉਹਲਾ ਕਰ ਕੇ ਇਕ ਪਾਸੇ, ਮੈਂ ਤੂੰ ਵਿਚ ਫਰਕ ਨਾ ਭਾਸੇ ।
ਐਸਾ ਮਿਲ ਜਾਏ ਟਿਕਾਣਾ, ਮਿਟ ਜਾਏ ਆਉਣ ਜਾਣਾ ।
ਕਰ ਹੌਲਾ ਵਾਂਗ ਹਵਾੜਾਂ, ਅਰ ਮੁਹਕਮ ਵਾਂਗ ਪਹਾੜਾਂ ;
ਹਸਮੁਖਾ ਅਨੰਦ ਰਸੀਲਾ, ਨਿਰਮਲ, ਵਿਸ਼ਾਲ ਚਮਕੀਲਾ ।
ਛੁਟ ਜਾਣ ਤਮਾਸ਼ੇ ਹਾਸੇ, ਹੋਵੇ ਇਕਾਂਤ ਸਭ ਪਾਸੇ ,
ਸੰਗੀ ਨਾ ਹੋਵਣ ਨੇੜੇ, ਦੁਖ ਸੁਖ ਨਾ ਜਿਸ ਥਾਂ ਛੇੜੇ ।
ਹੋਵੇ ਚੌਤਰਫ ਹਨੇਰਾ, ਇਕ ਚਾਨਣ ਚਮਕੇ ਤੇਰਾ !
ਉਸ ਚਾਨਣ ਵਿੱਚ ਸਮਾ ਕੇ ; ਮਿਟ ਜਾਵਾਂ ਆਪ ਮਿਟਾ ਕੇ ।