ਜੇ ਤੈਨੂੰ ਤੇਰਾ ਸੁਪਨਾ ਭੁਲ ਗਿਆ ਹੈ
ਤਾਂ ਚਿੰਤਾ ਨਾ ਕਰ
ਮੈਂ ਆਪਣੀਆਂ ਅੱਖਾਂ ਨਾਲ਼
ਦੇਖ ਲਿਆ ਸੀ ਤੇਰਾ ਸੁਪਨਾ
ਜੋ ਅਕਾਰ ਤੇਰੇ ਸਾਹਮਣੇ
ਚਿੱਟੇ ਫੁੱਲਾਂ ਦਾ ਗੁਲਦਸਤਾ ਲਈ ਖੜਾ ਸੀ
ਉਹ ਮੈਂ ਨਹੀਂ ਸਾਂ
ਜੋ ਉਂਗਲਾਂ ਤੇਰੇ ਲੰਮੇ ਕੇਸਾਂ ਵਿਚ
ਫਿਰ ਰਹੀਆਂ ਸਨ
ਉਹ ਮੇਰੀਆਂ ਨਹੀਂ ਸਨ
ਜੋ ਛਤਰੀ ਅਚਾਨਕ
ਤੇਰੇ ਹਥੋਂ ਛੁੱਟ ਕੇ ਅਸਮਾਨ ਵਿਚ
ਅਲੋਪ ਹੋ ਗਈ ਸੀ
ਉਹ ਮੈਂ ਸਾਂ
ਤੂੰ ਸੁਤੰਤਰ ਹੋ
ਵਰਖਾ ਵਿਚ ਨਿਰਵਸਤਰ ਤੁਰੇਂ
ਹੱਸੇਂ ਨੱਸੇਂ ਤਿਲ੍ਹਕੇਂ ਅਤੇ ਤਿਲ੍ਹਕਦੀ ਦੀ
ਤੇਰੀ ਅੱਖ ਖੁਲ੍ਹੇ
ਮੈਂ ਤਾਂ ਏਹੋ ਚਾਹਿਆ ਸੀ।