ਜਿਸ ਬੱਚੇ ਨੇ ਹੁਣੇ ਹੁਣੇ
ਇਸ ਦੁਨੀਆਂ ਵਿਚ ਜਨਮ ਲਿਆ ਹੈ
ਉਹਦਾ ਨਿਘਾ ਸਵਾਗਤ ਹੋਇਆ ਹੈ
ਸਾਡਾ ਸਮਾਜ ਉਸਦੇ ਭਲੇ ਲਈ ਤਤਪਰ ਹੈ
ਮਿਸਾਲ ਵਜੋਂ
ਕਈ ਕਿਸਮ ਦੇ ਲੇਬਲ ਤਾਂ ਉਸ ਉਤੇ ਲੱਗ
ਵੀ ਗਏ ਹਨ:
ਇਕ ਨਸਲ ਦਾ
ਇਕ ਰੰਗ ਦਾ
ਇਕ ਕੌਮ ਦਾ, ਮਜ੍ਹਬ ਦਾ
ਅਤੇ ਸ਼ਾਇਦ ਇਕ ਜਾਤ ਦਾ ਵੀ।
ਨਾਲ ਹੀ ਬੱਚੇ ਨੂੰ ਦੱਸ ਦਿਤਾ ਗਿਆ ਹੈ
ਕਿ ਤੂੰ ਸੁਤੰਤਰ ਦੁਨੀਆਂ ਵਿਚ ਜਨਮ ਲਿਆ ਹੈ
ਬੱਚਾ ਮੁਸਕਰਾਉਂਦਾ ਹੈ
ਅਤੇ ਸਭ ਕੁਝ ਉਤੇ ਸੱਚ ਜਾਣ ਕੇ ਭਰੋਸਾ ਕਰ ਲੈਂਦਾ ਹੈ
ਪਰ ਜਦੋਂ ਉਹ ਬੱਚੇ ਤੋਂ ਬਾਲਕ ਬਣ ਜਾਏਗਾ
ਅਤੇ ਬਾਲਕ ਤੋਂ ਮਨੁਖ
ਇਕ ਦਿਨ ਅਚਾਨਕ ਹੀ ਉਹਨੂੰ
ਸੱਚ ਪਰਗਟ ਹੋਵੇਗਾ
ਕਿ ਉਸਨੂੰ ਤਾਂ ਕੋਈ ਜਾਣਦਾ ਈ ਨਹੀਂ
ਲੋਕ ਤਾਂ ਕੇਵਲ ਉਸ ਤੇ ਲੱਗੇ
ਲੇਬਲ ਹੀ ਜਾਣਦੇ ਹਨ।